ਪੰਜਾਬੀ ਪੀਡੀਆ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ ਤਾਂ ਹੀ ਬਣਾਇਆ ਜਾ ਸਕਦਾ ਹੈ ਜੇਕਰ ਅਜੋਕੇ ਸਮੇਂ ਵਿਚ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਭਾਸ਼ਾ ਬਣਾਇਆ ਜਾਵੇ। ਅਜੋਕਾ ਯੁੱਗ ਤਕਨਾਲੋਜੀ ਦਾ ਯੁੱਗ ਹੈ, ਸੰਚਾਰ ਸਾਧਨਾਂ ਦੇ ਵਿਕਸਤ ਹੋਣ ਨਾਲ ਸਮੁੱਚਾ ਸੰਸਾਰ ਵਿਸ਼ਵ ਪਿੰਡ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। 150 ਮੁਲਕਾਂ ਵਿਚ ਪੰਜਾਬੀਆਂ ਦਾ ਵਾਸਾ ਮੰਨਿਆ ਜਾ ਰਿਹਾ ਹੈ। ਇਨ੍ਹਾਂ ਅਲੱਗ ਅਲੱਗ ਮੁਲਕਾਂ ਵਿਚ ਵਸੇ ਪੰਜਾਬੀਆਂ ਤੱਕ ਰਸਾਈ ਦਾ ਸਾਧਨ ਇੰਟਰਨੈੱਟ ਹੈ। ਸੰਚਾਰ ਦੇ ਇਸ ਯੁੱਗ ਵਿਚ ਜ਼ਰੂਰੀ ਹੈ ਕਿ ਆਵਾਸੀ ਅਤੇ ਪਰਵਾਸੀ ਪੰਜਾਬੀਆਂ ਨੂੰ ਗਿਆਨ, ਵਿਗਿਆਨ, ਸਾਹਿਤ ਅਤੇ ਸਭਿਆਚਾਰ ਨਾਲ ਜੋੜਨ ਲਈ ਉਪਰਾਲਾ ਕੀਤਾ ਜਾਵੇ ਅਤੇ ਪੰਜਾਬੀ ਭਾਸ਼ਾ ਵਿਚ ਵੱਧ ਤੋਂ ਵੱਧ ਸਮੱਗਰੀ ਨੂੰ ਕੰਪਿਊਟਰ ਦਾ ਹਾਸਲ ਬਣਾਇਆ ਜਾਵੇ। ਇਸੇ ਮਕਸਦ ਅਧੀਨ ਹੀ ਪੰਜਾਬੀ ਪੀਡੀਆ ਨਾਂ ਦਾ ਪ੍ਰੋਜੈਕਟ ਆਰੰਭਿਆ ਗਿਆ ਹੈ ਕਿਉਂਕਿ ਇਸ ਤਕਨਾਲੋਜੀ ਦੇ ਯੁੱਗ ਵਿਚ ਹੋਰਨਾਂ ਸਮੂਹਾਂ ਵਾਂਗ ਪੰਜਾਬੀ ਭਾਈਚਾਰਾ ਵੀ ਜਾਣਕਾਰੀ ਹਾਸਲ ਕਰਨ ਲਈ ਇਟਰਨੈੱਟ ‘ਤੇ ਆਸ਼ਰਿਤ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬੀਪੀਡੀਆ ਦਾ ਮਕਸਦ ਇੰਟਰਨੈੱਟ ਨਾਲ ਜੁੜੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਵਿਚ ਵੱਧ ਤੋਂ ਵੱਧ ਭਰੋਸੇਯੋਗ ਗਿਆਨ ਸਮੱਗਰੀ ਪ੍ਰਦਾਨ ਕਰਨਾ ਹੈ। ਪੰਜਾਬੀਪੀਡੀਆ ਰਾਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਗੁਰਮੁਖੀ ਲਿੱਪੀ ਵਿਚ ਇਟਰਨੈੱਟ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ, ਕੇਵਲ ਪੰਜਾਬੀ ਸਭਿਆਚਾਰ ਨਾਲ ਹੀ ਨਹੀਂ ਬਲਕਿ ਹੋਰਨਾਂ ਖੇਤਰਾਂ ਜਿਵੇਂ ਕੰਪਿਊਟਰ ਵਿਗਿਆਨ, ਸਰੀਰ ਵਿਗਿਆਨ, ਸਮਾਜ ਵਿਗਿਆਨ, ਭੂਗੋਲ, ਇਤਿਹਾਸ, ਕਾਨੂੰਨ, ਵਾਤਾਵਰਨ ਅਤੇ ਸਿੱਖ ਧਰਮ ਨਾਲ ਸਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਪੰਜਾਬੀਪੀਡੀਆ ਦਾ ਹਾਸਲ ਬਣਾਇਆ ਜਾ ਰਿਹਾ ਹੈ। ਪੰਜਾਬੀ ਪੀਡੀਆ ਰਾਹੀਂ ਜਾਣਕਾਰੀ ਦੇਣ ਦਾ ਸਰੋਤ ਉੱਚ ਪੱਧਰ ਦੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਬਣਾਇਆ ਗਿਆ ਹੈ। ਆਰੰਭਲੇ ਪੜਾਅ ਅਧੀਨ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਆਰਾ ਪ੍ਰਕਾਸ਼ਿਤ ਵਿਸ਼ਾਕੋਸ਼/ਪੁਸਤਕਾਂ ਨੂੰ ਇਸ ਵੈਬਸਾਈਟ ਦੀ ਆਧਾਰ ਸਮੱਗਰੀ ਬਣਾਇਆ ਗਿਆ ਹੈ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਹੋਣ ਕਾਰਨ ਅਤੇ ਆਪਣੇ ਖੇਤਰ ਦੇ ਮਾਹਰਾਂ ਦੁਆਰਾ ਰਚਿਤ/ ਸੰਪਾਦਤ ਹੋਣ ਕਾਰਨ ਪੰਜਾਬੀ ਪੀਡੀਆ ਦੇ ਇੰਦਰਾਜਾਂ ਨੂੰ ਮਿਆਰੀ ਤੇ ਭਰੋਸੇਯੋਗ ਮੰਨਿਆ ਜਾ ਸਕਦਾ ਹੈ। ਇਸ ਵੈਬਸਾਈਟ ‘ਤੇ ਹੁਣ ਤੱਕ ਹੇਠ ਲਿਖੇ ਅਨੁਸਾਰ ਪ੍ਰਕਾਸ਼ਿਤ ਵਿਸ਼ਾਕੋਸ਼ਾਂ/ਪੁਸਤਕਾ ਨੂੰ ਪਾਇਆ ਜਾ ਚੁੱਕਾ ਹੈ।

• ਬਾਲ ਵਿਸ਼ਵ ਕੋਸ਼ (ਦੋ-ਭਾਗ) : 703
• ਸਿੱਖ ਪੰਥ ਵਿਸ਼ਵਕੋਸ਼ (ਦੋ-ਭਾਗ) : 2564
• ਜੁਗਰਾਫ਼ੀਏ ਦਾ ਵਿਸ਼ਾ ਕੋਸ਼ : 7310
• ਕਾਨੂੰਨੀ ਵਿਸ਼ਾ ਕੋਸ਼ : 2713
• ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ ਕੋਸ਼ : 264
• ਸਮਾਜ ਵਿਗਿਆਨ ਦਾ ਵਿਸ਼ਾ ਕੋਸ਼ : 2171
• ਰਾਜਨੀਤੀ ਵਿਗਿਆਨ ਵਿਸ਼ਾ ਕੋਸ਼ : 502
• ਸਿੱਖ ਧਰਮ ਵਿਸ਼ਵਕੋਸ਼ (ਦੋ-ਭਾਗ) : 1289
• ਪੰਜਾਬੀ ਸੱਭਿਆਚਾਰ ਸ਼ਬਦਾਵਲੀ ਵਿਸ਼ਾ ਕੋਸ਼ : 6061
• ਕੰਪਿਊਟਰ ਵਿਗਿਆਨ ਪੰਜਾਬੀ ਯੂਨੀਵਰਸਿਟੀ, ਪੰਜਾਬੀ ਕੋਸ਼ (ਸਕੂਲ ਪੱਧਰ) : 567
• ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ : 145
• ਸ੍ਰੀ ਗੁਰੂ ਗ੍ਰੰਥ ਕੋਸ਼ : 16749
• ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, : 97
• ਪੰਜਾਬੀ ਯੂਨੀਵਰਸਿਟੀ, ਪੰਜਾਬੀ ਕੋਸ਼ (ਸਕੂਲ ਪੱਧਰ) : 24555
• ਵਾਤਾਵਰਨ ਵਿਸ਼ਾ ਕੋਸ਼ : 2127
• ਖੇਡ ਵਿਸ਼ਾ ਕੋਸ਼, : 4894
• ਅੰਗਰੇਜ਼ੀ ਪੰਜਾਬੀ ਕੋਸ਼ : 37180
ਕੁੱਲ ਇੰਦਰਾਜ 109891

ਪੰਜਾਬੀਪੀਡੀਆ’ ਪ੍ਰੋਜੈਕਟ ਰਾਹੀਂ ਇਟਰਨੈੱਟ ‘ਤੇ ਸਮੱਗਰੀ ਪੜਾਅਵਾਰ ਪਾਈ ਜਾ ਰਹੀ ਹੈ। ਅਗਲੇ ਪੜਾਅ ਤੇ ਹੁਣ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਨੂੰ ਪੰਜਾਬੀ ਪੀਡੀਆ ਤੇ ਪਾਇਆ ਜਾ ਰਿਹਾ ਹੈ। ਵਰਤੋਂਕਾਰ ਪੰਜਾਬੀਪੀਡੀਆ ਵਿਚਲੀ ਸਮੱਗਰੀ ਵਿਚੋਂ ਆਪਣੀ ਜ਼ਰੂਰਤ ਅਨੁਸਾਰ ਸਬੰਧਤ ਵਿਸ਼ੇ ਨਾਲ ਸਬੰਧਿਤ ਸ਼ਬਦ ਦਾ ਇੰਦਰਾਜ ਪਾ ਕੇ ਉਸ ਨੂੰ ਆਸਾਨੀ ਨਾਲ ਲੱਭ ਸਕਦੇ ਹਨ। ਸ਼ਬਦ ਨੂੰ ਲੱਭਣ ਦੌਰਾਨ ਇਹ ਸਰਚ ਇੰਜਣ ਉਸ ਨਾਲ ਜੁੜਦੇ ਹੋਰਨਾਂ ਸ਼ਬਦਾਂ ਨੂੰ ਵੀ ਵਰਤੋਂਕਾਰ ਨੂੰ ਦਿਖਾ ਦੇਵੇਗਾ ਭਾਵ ਅੱਗੋਂ ਵਰਤੋਂਕਾਰ ਹੋਰ ਜਾਣਕਾਰੀ ਵੀ ਹਾਸਲ ਕਰ ਸਕਦਾ ਹੈ। ਵਰਤੋਂਕਾਰ ਇਸ ਜਾਣਕਾਰੀ ਨੂੰ ਆਪਣੇ ਖਾਤੇ ਵਿਚ ਸਾਂਭ ਕੇ ਭਵਿੱਖ ਵਿਚ ਵੀ ਇਸ ਦੀ ਵਰਤੋਂ ਕਰ ਸਕਦਾ ਹੈ।

ਵਰਤੋਂਕਾਰ ਲਈ ਆਨ ਸਕਰੀਨ, ਫੋਨੈਟਿਕ, ਰਮਿੰਗਟਨ ਜਾਂ ਇਨਸਕਰਿਪਟ ਕੀ-ਬੋਰਡ ਦੀ ਸਹੂਲਤ ਮੁੱਹਈਆ ਕਰਵਾਈ ਗਈ ਹੈ। ਇਸਦੇ ਨਾਲ ਇਸ ਸਰਚ ਇੰਜਣ ਵਿਚ ਸ਼ਬਦਾਂ ਨੂੰ ਲੱਭਣ ਦਾ ਤਰੀਕਾ ਵੀ ਆਸਾਨ ਰੱਖਿਆ ਗਿਆ ਹੈ। ਪੰਜਾਬੀਪੀਡੀਆ’ ਸਮੂਹ ਪੰਜਾਬੀਆਂ ਲਈ ਜਿੱਥੇ ਸਰਚ ਇੰਜਣ ਦਾ ਕਾਰਜ ਕਰੇਗਾ ਉਥੇ ਇਸ ਦੇ ਅੰਤਰਗਤ ਮੌਜੂਦ ਸਮੱਗਰੀ ਹੋਰਨਾਂ ਸਰਚ ਇੰਜਣਾਂ ਦੇ ਮੁਕਾਬਲਤਨ ਜ਼ਿਆਦਾ ਭਰੋਸੇਯੋਗ ਹੋਵੇਗੀ। ਇਸ ਕਾਰਜ ਨਾਲ ਸਮੂਹ ਪੰਜਾਬੀ ਜਗਤ ਨੂੰ ਗਿਆਨ ਹਾਸਲ ਕਰਨਾ ਜਿਥੇ ਸੌਖਾ ਹੋਵੇਗਾ ਉਥੇ ਗਿਆਨ ਨੂੰ ਸੰਭਾਲਣ ਤੇ ਆਉਣ ਵਾਲੇ ਸਮੇਂ ਵਿਚ ਵਰਤਣ ਕਾਰਨ ਇਹ ਪੰਜਾਬੀਆਂ ਲਈ ਨਵੇਂ ਦਿਸਹੱਦੇ ਸਿਰਜੇਗਾ।

ਪਿਛਲੇ ਸਮੇਂ ਤੋਂ ਭਾਰਤ ਵਸਦੇ ਪੰਜਾਬੀਆਂ ਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਸ਼ਿਕਾਇਤ ਹੈ ਕਿ ਇੰਟਰਨੈੱਟ ‘ਤੇ ਜਾਣਕਾਰੀ ਭਰਪੂਰ ਸਮੱਗਰੀ ਪੰਜਾਬੀ ਵਿਚ ਨਾ ਮਿਲਣ ਕਾਰਨ ਉਨ੍ਹਾਂ ਨੂੰ ਦੂਜੀ ਭਾਸ਼ਾ ਵੱਲ ਅਹੁੜਨਾ ਪੈਂਦਾ ਹੈ ਅਤੇ ਭਾਰਤੀ ਪੰਜਾਬ ਵਿਚਲੀਆਂ ਸੰਸਥਾਵਾਂ ਇਸ ਪ੍ਰਤੀ ਕੁਝ ਨਹੀਂ ਕਰ ਰਹੀਆਂ। ਪੰਜਾਬੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਇਹ ਵੈਬਸਾਈਟ ਉਨ੍ਹਾਂ ਦਾ ਇਹ ਸ਼ੰਕਾ ਦੂਰ ਕਰੇਗੀ। ਇਸ ਰਾਹੀਂ ਵੱਧ ਤੋਂ ਵੱਧ ਸਮੱਗਰੀ ਨੂੰ ਪੰਜਾਬੀ ਭਾਸ਼ਾ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਗਿਆਨ ਸਮੱਗਰੀ ਪੰਜਾਬੀ ਭਾਸ਼ਾ ਵਿਚ ਮਿਲਣ ਨਾਲ ਜਿਥੇ ਪੰਜਾਬੀ ਪਿਆਰਿਆ ਨੂੰ ਲਾਭ ਪਹੁੰਚੇਗਾ ਉਥੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗਿਆਨ ਹਾਸਲ ਕਰਨਾ ਆਸਾਨ ਹੋਵੇਗਾ ਅਤੇ ਵਿਦਿਆਰਥੀਆਂ ਲਈ ਕਿਸੇ ਵੀ ਪੱਧਰ ਦੇ ਟੈਸਟਾਂ ਲਈ ਇਹ ਸਮੱਗਰੀ ਸ੍ਰੋਤ ਸਮੱਗਰੀ ਦਾ ਕਾਰਜ ਕਰੇਗੀ। ਖਾਸ ਕਰਕੇ ਇਹ ਵੈਬਸਾਈਟ ਉਨ੍ਹਾਂ ਪੰਜਾਬੀਆਂ ਲਈ ਗਿਆਨ ਦਾ ਆਧਾਰ ਬਣੇਗੀ ਜੋ ਲਾਇਬਰੇਰੀਆਂ ਤੋਂ ਦੂਰ ਬੈਠੇ ਹਨ ਜਾਂ ਜਿਨ੍ਹਾਂ ਦੁਆਰਾ ਕਿਤਾਬਾਂ ਤੱਕ ਪਹੁੰਚਣਾ ਮੁਸ਼ਕਲ ਹੈ। ਇਸ ਵੈਬਸਾਈਟ ਵਿਚ ਜਾਣਕਾਰੀ ਇਕ ਤੋਂ ਵੱਧ ਵਿਦਵਾਨਾਂ ਦੀ ਮਿਲਣ ਕਾਰਨ ਵਿਸ਼ੇ ਨੂੰ ਡੂੰਘਾਈ ਨਾਲ ਸਮਝਣਾ ਹੋਰ ਵੀ ਸੁਖੈਨ ਹੋਵੇਗਾ।

ਪੰਜਾਬੀ ਭਾਸ਼ਾ ਵਿਚ ਗਿਆਨ ਸਮੱਗਰੀ ਦਾ ਮਿਲਣਾ ਉਨ੍ਹਾਂ ਲੋਕਾਂ ਦੇ ਭਰਮਾਂ ਨੂੰ ਵੀ ਦੂਰ ਕਰੇਗਾ ਜਿਨ੍ਹਾਂ ਦਾ ਮੰਨਣਾ ਹੈ ਕਿ ਗਿਆਨ ਵਿਗਿਆਨ ਨਾਲ ਸਬੰਧਿਤ ਜ਼ਿਆਦਾ ਸਮੱਗਰੀ ਅੰਗਰੇਜ਼ੀ ਭਾਸ਼ਾ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ। ਇਸ ਰਾਹੀਂ ਪੰਜਾਬੀ ਭਾਸ਼ਾ ਦੀ ਗਿਆਨ ਵਿਗਿਆਨ ਅਤੇ ਸੰਚਾਰ ਦੇ ਹਾਣ ਦੀ ਸਮੱਰਥਾ ਦਾ ਪਤਾ ਲੱਗੇਗਾ ਉਥੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੀ ਇਹ ਵੈਬਸਾਈਟ ਸਹਾਈ ਹੋਵੇਗੀ ਅਤੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਕਾਰਜ ਵੀ ਕਰੇਗੀ।

ਹੋਰ ਸਮੱਗਰੀ ਪੰਜਾਬੀ ਪੀਡੀਆ ਦਾ ਹਾਸਲ ਬਣਾਉਣ ਲਈ ਯੂਨੀਵਰਸਿਟੀ ਵੱਲੋਂ ਲਗਾਤਾਰ ਇਸ ਪ੍ਰੋਜੈਕਟ ‘ਤੇ ਕਾਰਜ ਕੀਤਾ ਜਾ ਰਿਹਾ ਹੈ। ਪੰਜਾਬੀ ਪੀਡੀਆ ਦੁਆਰਾ ਇਕ ਕਲਿੱਕ ਨਾਲ ਹੀ ਵਰਤੋਂਕਾਰ ਮਿੰਟਾਂ ਵਿਚ ਹਰ ਜਾਣਕਾਰੀ ਪੰਜਾਬੀ ਭਾਸ਼ਾ ਵਿਚ ਗ੍ਰਹਿਣ ਕਰ ਸਕਦਾ ਹੈ।

ਪੰਜਾਬੀ ਪੀਡੀਆ ਰਾਹੀਂ ਗੁਰਮੁਖੀ ਵਿਚ ਪੰਜਾਬੀ ਨਾਲ ਸਬੰਧਿਤ ਜਾਣਕਾਰੀ ਮਹੱਈਆ ਹੋਣ ਨਾਲ ਪੰਜਾਬੀ ਭਾਸ਼ਾ ਖੇਤਰੀ ਭਾਸ਼ਾਵਾਂ ਵਿਚੋਂ ਉਨ੍ਹਾਂ ਮੁਹਰਲੀਆਂ ਭਾਸ਼ਾਵਾਂ ਦੀ ਕਤਾਰ ਵਿਚ ਆ ਖੜ੍ਹੀ ਹੋਵੇਗੀ ਜਿਨ੍ਹਾਂ ਦੀ ਸਮੱਗਰੀ ਨੂੰ ਇਟਰਨੈੱਟ ‘ਤੇ ਪਾਇਆ ਗਿਆ ਹੈ। ਕੋਈ ਵੀ ਭਾਸ਼ਾ ਜਾਂ ਭਾਸ਼ਾਈ ਸਮੂਹ ਤਾਂ ਹੀ ਤਰੱਕੀ ਦੀਆਂ ਲੀਹਾਂ ‘ਤੇ ਜਾ ਸਕਦਾ ਹੈ ਜੇਕਰ ਉਹ ਆਪਣੀ ਭਾਸ਼ਾ ਨੂੰ ਪਹਿਲਤਾ ਦੇ ਆਧਾਰ ‘ਤੇ ਅਪਣਾ ਕੇ ਇਸ ਦੀ ਤਰੱਕੀ ਲਈ ਵਚਨਬੱਧ ਹੋਵੇ, ਇਸੇ ਮਕਸਦ ਅਧੀਨ ਹੀ ਪੰਜਾਬੀਪੀਡੀਆ ਦਾ ਆਰੰਭ ਕੀਤਾ ਗਿਆ ਹੈ। ਗਿਆਨ ਹਾਸਲ ਕਰਨ ਲਈ ਆਪਣੀ ਭਾਸ਼ਾ ਤੇ ਲਿੱਪੀ ਜਿੱਥੇ ਪੰਜਾਬੀਆਂ ਨੂੰ ਸਹੀ ਮਾਅਨੇ ਵਿਚ ਗਿਆਨਵਾਨ ਕਰੇਗੀ ਉਥੇ ਗਿਆਨ ਹਾਸਲ ਕਰਨ ਲਈ ਦੂਜੀਆਂ ਭਾਸ਼ਾਵਾਂ ਤੇ ਨਿਰਭਰਤਾ ਨੂੰ ਵੀ ਘਟਾਏਗੀ। ਉਮੀਦ ਹੈ ਪੰਜਾਬੀ ਯੂਨੀਵਰਸਿਟੀ ਦੁਆਰਾ ਆਰੰਭਿਆ ਇਹ ਕਾਰਜ ਸਮੂਹ ਪੰਜਾਬੀਆਂ ਲਈ ਗਿਆਨ ਦੇ ਦਰਵਾਜ਼ੇ ਉਨ੍ਹਾਂ ਦੀ ਆਪਣੀ ਭਾਸ਼ਾ, ਲਿਪੀ ਵਿਚ ਖੋਲ੍ਹੇਗਾ ਤੇ ਪੰਜਾਬੀਆਂ ਦਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਭਾਸ਼ਾ ਵਿਚ ਗਿਆਨਵਾਨ ਤੇ ਸੂਝਵਾਨ ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ।
View Punjabi Pedia Website

About the Website

ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਭਾਸ਼ਾ ਦੇ ਨਾਮ ‘ਤੇ ਬਣੀ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਪੰਜਾਬੀ ਭਾਸ਼ਾ ਨੂੰ ਪਰਿਵਾਰ, ਰੁਜ਼ਗਾਰ ਅਤੇ ਸਰਕਾਰ ਦੀ ਭਾਸ਼ਾ


Read More...

Total Hits 6188740

Download

Feedback Form